ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਛੱਤਬੀੜ ਚਿੜੀਆ ਘਰ ਦੇਖਿਆ
- SGS Bassian
- Dec 20, 2023
- 3 min read
ਮਾਨਯੋਗ ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਹੁਕਮਾਂ ਅਨੁਸਾਰ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਦੇ ਛੇਵੀਂ ਅਤੇ ਸੱਤਵੀਂ ਕਲਾਸ ਦੇ 60 ਵਿਦਿਆਰਥੀ, ਮਿਤੀ 15-12-2023 ਨੂੰ ਪ੍ਰਿੰਸੀਪਲ ਸ. ਗੁਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਇੱਕ ਰੋਜ਼ਾ ਵਿੱਦਿਅਕ ਟੂਰ ਤੇ ਸ਼੍ਰੀ ਫਤਹਿਗੜ ਸਾਹਿਬ ਗਏ। ਇਸ ਵਿੱਦਿਅਕ ਟੂਰ ਦੇ ਇੰਚਾਰਜ ਸ਼੍ਰੀਮਤੀ ਪੁਸ਼ਪਿੰਦਰ ਕੌਰ, ਸਾਇੰਸ ਮਿਸਟ੍ਰੈੱਸ ਸਨ। ਛੋਟੇ ਬੱਚਿਆਂ ਦੀ ਜ਼ਿਆਦਾ ਸਾਂਭ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀਮਤੀ ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ. ਮਨਜੀਤ ਸਿੰਘ (ਸਾਇੰਸ ਮਾਸਟਰ), ਮਿਸ ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਮਿਸ ਬੌਬੀ ਥਿੰਦ (ਲਾਇਬ੍ਰੇਰੀਅਨ) ਅਤੇ ਸ. ਹਰਪ੍ਰੀਤ ਸਿੰਘ (ਕਲਰਕ) ਨੇ ਟੂਰ ਇੰਚਾਰਜ ਸ਼੍ਰੀਮਤੀ ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ) ਦਾ ਭਰਪੂਰ ਸਾਥ ਦਿੱਤਾ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਭੋਰਾ ਸਾਹਿਬ ਵਿਖੇ ਉਸ ਮਹਾਨ ਕੰਧ ਦੇ ਦਰਸ਼ਨ ਵੀ ਕੀਤੇ ਜਿਸ ਵਿੱਚ 1705 ਈਸਵੀ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਾਜ਼ਾਦਾ ਬਾਬਾ ਫਤਹਿ ਸਿੰਘ ਜੀ ਨੂੰ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜਿਉਂਦੇ ਨੀਂਹਾਂ ਵਿੱਚ ਚਿਣ ਦਿੱਤਾ ਗਿਆ ਸੀ। ਇਸ ਕੰਧ ਦੇ ਦਰਸ਼ਨ ਕਰਨ ਉਪਰੰਤ ਇਹ ਛੋਟੇ ਬੱਚੇ ਬਹੁਤ ਭਾਵੁਕ ਹੋਏ। ਵਿਦਿਆਰਥੀਆਂ ਨੇ ਉਸ ਠੰਢੇ ਬੁਰਜ ਵਿਖੇ ਵੀ ਆਪਣਾ ਸੀਸ ਝੁਕਾਇਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕੜਾਕੇ ਦੀ ਸਰਦੀ ਦੌਰਾਨ ਬਿਨਾਂ ਕਿਸੇ ਸਹੂਲਤ ਦੇ ਰੱਖਿਆ ਗਿਆ ਸੀ। ਇਸ ਅਸਥਾਨ ਤੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਭਾਵਨਾ ਉਪਰੰਤ ਦਿੱਤੀ ਗਈ ਕੁਰਬਾਨੀ ਨੂੰ ਕਿਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ। ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ।
ਗੁਰਦੁਆਰਾ ਸ਼੍ਰੀ ਜੋਤੀ ਸਰੂਪ ਉਹ ਮੁਕੱਦਸ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਪਾਵਨ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਅਸਥਾਨ ਵਿਖੇ ਅੰਤਿਮ ਸੰਸਕਾਰ ਵਾਲੀ ਥਾਂ, ਸਿੱਖ ਧਰਮ ਦੇ ਅਨਿੰਨ ਸੇਵਕ ਦੀਵਾਨ ਟੋਡਰ ਮੱਲ ਜੀ ਵੱਲੋਂ, ਮੌਕੇ ਦੇ ਹਾਕਮਾਂ ਕੋਲੋਂ ਸੋਨੇ ਦੀਆਂ ਮੋਹਰਾਂ (ਖੜਵੇਂ ਦਾਅ) ਚਿਣ ਕੇ ਖਰੀਦੀ ਗਈ ਸੀ। ਦੀਵਾਨ ਟੋਡਰ ਮੱਲ ਦੀ ਇਸ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ ਹੋਇਆਂ ਅਧਿਆਪਕ ਅਤੇ ਵਿਦਿਆਰਥੀ ਮਾਣ ਮਹਿਸੂਸ ਕਰ ਰਹੇ ਸਨ।
ਇਸ ਉਪਰੰਤ ਵਿਦਿਆਰਥੀ ਇਸ ਟੂਰ ਦੇ ਦੂਜੇ ਪੜਾਅ “ਮਹਿੰਦਰਾ ਚੌਧਰੀ ਚਿੜੀਆਘਰ, ਛੱਤਬੀੜ” ਵਿਖੇ ਪਹੁੰਚੇ। ਛੱਤਬੀੜ ਚਿੜੀਆ ਘਰ ਵਿਖੇ ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੇ ਜਾਨਵਰਾਂ ਅਤੇ ਪੰਛੀਆਂ ਬਾਰੇ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ।
ਵਾਪਸੀ ਉਪਰੰਤ ਟੂਰ ਦੇ ਤੀਜੇ ਤੇ ਆਖਰੀ ਪੜਾਅ “ਗਰੀਨ ਵੁੱਡ ਢਾਬਾ, ਪੋਹੀੜ (ਲੁਧਿਆਣਾ)” ਵਿਖੇ ਪਹੁੰਚੇ ਜਿੱਥੇ ਵਿਦਿਆਰਥੀਆਂ ਨੇ ਆਪਣੀ ਮਨਪਸੰਦ ਦਾ ਖਾਣਾ ਬਹੁਤ ਹੀ ਪਿਆਰ ਤੇ ਸਲੀਕੇ ਨਾਲ ਛਕਿਆ। ਸਮੁੱਚੇ ਟੂਰ ਦੌਰਾਨ ਸਾਰੇ ਵਿਦਿਆਰਥੀਆਂ ਨੇ ਆਗਿਆਕਾਰ ਹੋਣ ਦਾ ਸਬੂਤ ਦਿੱਤਾ। ਸਮੂਹ ਵਿਦਿਆਰਥੀਆਂ ਦੇ ਪੂਰਨ ਸਹਿਯੋਗ ਸਦਕਾ, ਟੂਰ ਇੰਚਾਰਜ ਅਤੇ ਅਧਿਆਪਕਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਸ ਵਿੱਦਿਅਕ ਟੂਰ ਵਿੱਚ ਸ਼੍ਰੀਮਤੀ ਪੁਸ਼ਪਿੰਦਰ ਕੌਰ, ਸਾਇੰਸ ਮਿਸਟ੍ਰੈੱਸ ਦੀ ਬੇਟੀ ਮਿਸ ਜਸਰੀਤ ਕੌਰ ਅਤੇ ਸ਼੍ਰੀਮਤੀ ਸੰਦੀਪ ਕੌਰ, ਪੰਜਾਬੀ ਮਿਸਟ੍ਰੈੱਸ ਦੇ ਬੇਟੇ ਗੁਰਪ੍ਰਤਾਪ ਸਿੰਘ ਨੇ ਸ਼ਾਮਲ ਹੋ ਕੇ ਟੂਰ ਦੀ ਰੌਣਕ ਵਿੱਚ ਵਾਧਾ ਕੀਤਾ।
ਪ੍ਰਿੰਸੀਪਲ ਸ. ਗੁਰਦੀਪ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਇਸ ਵਿੱਦਿਅਕ ਟੂਰ ਦੌਰਾਨ ਹਾਸਲ ਕੀਤੇ ਆਪਣੇ ਖੱਟੇ-ਮਿੱਠੇ ਅਨੁਭਵ ਲਿਖਤੀ ਤੌਰ ਤੇ ਕਲਾਸ ਇੰਚਾਰਜਾਂ ਨੂੰ ਜ਼ਮਾਂ ਕਰਵਾਉਣ ਲਈ ਕਿਹਾ ਗਿਆ ਤਾਂ ਕਿ ਭਵਿੱਖ ਵਿੱਚ ਵਿੱਦਿਅਕ ਟੂਰ ਦੀ ਯੋਜਨਾਬੰਦੀ ਕਰਨ ਸਮੇਂ ਹੋਰ ਵੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ।ਪ੍ਰਿੰਸੀਪਲ ਸ. ਗੁਰਦੀਪ ਸਿੰਘ ਵੱਲੋਂ ਵਿਦਿਆਰਥੀਆਂ ਦੇ ਇਸ ਵਿੱਦਿਅਕ ਟੂਰ ਨੂੰ ਯਾਦਗਾਰੀ ਬਣਾਉਣ ਲਈ ਟੂਰ ਇੰਚਾਰਜ, ਸਾਥੀ ਅਧਿਆਪਕਾਂ ਅਤੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਦੇ ਸਹਿਯੋਗ ਦੀ ਆਸ ਕੀਤੀ ਗਈ।
ਵਿੱਦਿਅਕ ਟੂਰ ਦੌਰਾਨ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ , ਭੋਰਾ ਸਾਹਿਬ, ਠੰਢਾ ਬੁਰਜ ਅਤੇ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਦੇ ਦਰਸ਼ਨ ਕਰਦਿਆਂ, ਛੱਤਬੀੜ ਚਿੜੀਆਘਰ ਅਤੇ ਗਰੀਨ ਵੁੱਡ ਢਾਬਾ ਪੋਹੀੜ (ਲੁਧਿਆਣਾ) ਵਿਖੇ ਬਿਤਾਏ ਗਏ ਯਾਦਗਾਰੀ ਪਲ ਤਸਵੀਰਾਂ ਦੀ ਜ਼ੁਬਾਨੀ।
Comments